Daniel 3

1ਨਬੂਕਦਨੱਸਰ ਰਾਜਾ ਨੇ ਇੱਕ ਸੋਨੇ ਦੀ ਮੂਰਤੀ ਬਣਵਾਈ ਜਿਸ ਦੀ ਉੱਚਿਆਈ ਸੱਠ ਹੱਥ ਤੇ ਚੋੜਾਈ ਛੇ ਹੱਥ ਸੀ ਅਤੇ ਉਸ ਨੂੰ ਦੂਰਾ ਨਾਮਕ ਮੈਦਾਨ ਬਾਬਲ ਦੇ ਸੂਬੇ ਵਿੱਚ ਖੜਾ ਕੀਤਾ । 2ਤਦ ਨਬੂਕਦਨੱਸਰ ਰਾਜਾ ਨੇ ਲੋਕਾਂ ਨੂੰ ਭੇਜਿਆ ਕਿ ਸ਼ਜ਼ਾਦਿਆਂ, ਦੀਵਾਨਾਂ, ਸਰਦਾਰਾਂ, ਨਿਆਉਕਾਰਾਂ, ਭੰਡਾਰੀਆਂ, ਸਲਾਹਕਾਰਾਂ, ਕਪਤਾਨਾਂ ਤੇ ਸੂਬਿਆਂ ਦੇ ਸਭਨਾਂ ਹਾਕਮਾਂ ਨੂੰ ਇੱਕਠਾ ਕਰਨ ਤਾਂ ਜੋ ਉਹ ਉਸ ਮੂਰਤੀ ਦੀ ਸਥਾਪਨਾ ਵਿੱਚ ਸ਼ਾਮਿਲ ਹੋਣ ਜਿਹੜੀ ਨਬੂਕਦਨੱਸਰ ਰਾਜਾ ਨੇ ਖੜੀ ਕੀਤੀ ਸੀ ।

3ਤਦ ਸ਼ਜਾਦੇ, ਦੀਵਾਨ, ਸਰਦਾਰ, ਨਿਆਉਕਾਰ, ਭੰਡਾਰੀ, ਸਲਾਹਕਾਰ, ਕਪਤਾਨ ਤੇ ਸੂਬਿਆਂ ਦੇ ਸਾਰੇ ਹਾਕਮ ਉਸ ਮੂਰਤ ਦੀ ਚੱਠ ਲਈ ਜਿਹੜੀ ਨਬੂਕਦਨਸਰ ਨੇ ਖੜੀ ਕੀਤੀ ਇੱਕਠੇ ਹੋਏ । ਉਹ ਉਸ ਮੂਰਤ ਦੇ ਅੱਗੇ ਜਿਹੜੀ ਨਬੂਕਦਨੱਸਰ ਨੇ ਖੜੀ ਕੀਤੀ ਸੀ ਖੜ੍ਹੇ ਹੋਏ । 4ਤਦ ਇੱਕ ਢੰਡੋਰੀਏ ਨੇ ਉੱਚੀ ਹਾਕ ਦੇ ਕੇ ਪੁਕਾਰਿਆ, ਹੇ ਲੋਕੋ, ਹੇ ਕੌਮੋ, ਹੇ ਭਾਖਿਓ, ਤੁਹਾਨੂੰ ਇਹ ਹੁਕਮ ਹੈ ਭਈ 5ਜਿਸ ਵੇਲੇ ਤੁਰ੍ਹੀ, ਬਾਂਸਰੀ, ਬੀਨਾ, ਸਾਰੰਗੀ, ਬਰਬਤ, ਬੀਨ ਤੇ ਹਰ ਤਰਾਂ ਦੇ ਵਾਜਿਆਂ ਦੀ ਆਵਾਜ਼ ਸੁਣੋ ਤਦ ਉਸ ਸੋਨੇ ਦੀ ਮੂਰਤ ਦੇ ਅੱਗੇ ਜਿਸ ਨੂੰ ਨਬੂਕਦਨੱਸਰ ਰਾਜਾ ਨੇ ਖੜਾ ਕੀਤਾ ਹੈ, ਝੁੱਕ ਕੇ ਮੱਥਾ ਟੇਕੋ !

6ਜੋ ਕੋਈ ਝੁੱਕ ਕੇ ਮੱਥਾ ਨਾ ਟੇਕੇ ਉਸੀ ਘੜੀ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟਿਆ ਜਾਵੇਗਾ । 7ਇਸ ਲਈ ਜਿਸ ਵੇਲੇ ਸਭਨਾਂ ਲੋਕਾਂ ਨੇ ਤੁਰ੍ਹੀ, ਬਾਂਸਰੀ, ਬੀਨਾ, ਸਰੰਗੀ, ਬਰਬਤ ਅਤੇ ਹਰ ਪਰਕਾਰ ਦੇ ਵਾਜਿਆਂ ਦੀ ਅਵਾਜ਼ ਸੁਣੀ ਤਦ ਸਾਰੇ ਲੋਕਾਂ, ਕੋਮਾਂ ਤੇ ਭਾਖਿਆਂ ਨੇ ਝੁੱਕ ਕੇ ਉਸ ਸੋਨੇ ਦੀ ਮੂਰਤੀ ਦੇ ਅੱਗੇ ਜਿਹੜੀ ਨਬੂਕਦਨੱਸਰ ਰਾਜਾ ਨੇ ਖੜੀ ਕੀਤੀ ਸੀ ਮੱਥਾ ਟੇਕਿਆ ।

8ਇਸ ਤੋਂ ਬਾਅਦ ਉਸ ਵੇਲੇ ਕਈ ਕਸਦੀਆਂ ਨੇ ਨੇੜੇ ਆ ਕੇ ਯਹੂਦੀਆਂ ਉੱਤੇ ਦੋਸ਼ ਲਾਇਆ । 9ਉਹਨਾਂ ਨੇ ਨਬੂਕਦਨੱਸਰ ਰਾਜਾ ਨੂੰ ਆਖਿਆ ਕਿ ਹੇ ਰਾਜਾ, ਸਦਾ ਤੱਕ ਜੀਉਂਦੇ ਰਹੋ ! 10ਹੇ ਰਾਜਾ, ਤੁਸੀਂ ਇੱਕ ਆਗਿਆ ਦਿੱਤੀ ਸੀ ਕਿ ਹਰ ਇੱਕ ਆਦਮੀ ਜੋ ਤੁਰ੍ਹੀ, ਬਾਂਸਰੀ, ਬੀਨਾ, ਸਰੰਗੀ, ਬਰਬਤ, ਬੀਨ ਤੇ ਹਰ ਪਰਕਾਰ ਦੇ ਵਾਜਿਆਂ ਦੀ ਆਵਾਜ਼ ਸੁਣੇ ਤਾਂ ਝੁੱਕ ਕੇ ਸੋਨੇ ਦੀ ਮੂਰਤੀ ਨੂੰ ਮੱਥਾ ਟੇਕੇ

11ਅਤੇ ਜੋ ਕੋਈ ਝੁੱਕ ਕੇ ਮੱਥਾ ਨਾ ਟੇਕੇ ਉਹ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟਿਆ ਜਾਵੇਗਾ । 12ਹੁਣ ਕਈ ਯਹੂਦੀ ਹਨ ਜਿਹਨਾਂ ਨੂੰ ਤੁਸੀਂ ਬਾਬਲ ਦੇ ਸੂਬੇ ਦੇ ਵਿਹਾਰ ਉੱਤੇ ਨਿਯੁਕਤ ਕੀਤਾ ਅਰਥਾਤ ਸ਼ਦਰਕ, ਮੇਸ਼ਕ, ਤੇ ਅਬਦ-ਨਗੋ, ਇਹਨਾਂ ਮਨੁੱਖਾਂ ਨੇ, ਹੇ ਰਾਜਾ, ਤੁਹਾਡਾ ਆਦਰ ਨਹੀਂ ਕੀਤਾ । ਨਾ ਤਾਂ ਉਹ ਤੁਹਾਡੇ ਦੇਵਤਿਆਂ ਦੀ ਸੇਵਾ ਕਰਦੇ ਨਾ ਉਸ ਸੋਨੇ ਦੀ ਮੂਰਤ ਦੇ ਅੱਗੇ ਜਿਸ ਨੂੰ ਤੁਸੀਂ ਖੜ੍ਹਾ ਕੀਤਾ, ਮੱਥਾ ਟੇਕਦੇ ਹਨ ।

13ਤਦ ਨਬੂਕਦਨੱਸਰ ਨੇ ਵੱਡੇ ਕ੍ਰੋਧ ਅਤੇ ਗੁੱਸੇ ਨਾਲ ਆਗਿਆ ਕੀਤੀ ਕਿ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਨੂੰ ਹਾਜ਼ਰ ਕਰੋ ! ਤਦ ਉਹਨਾਂ ਨੇ ਉਹਨਾਂ ਆਦਮੀਆਂ ਨੂੰ ਰਾਜੇ ਅੱਗੇ ਹਾਜ਼ਰ ਕੀਤਾ । 14ਨਬੂਕਦਨੱਸਰ ਨੇ ਉਹਨਾਂ ਨੂੰ ਆਖਿਆ, ਹੇ ਸ਼ਦਰਕ, ਮੇਸ਼ਕ ਤੇ ਅਬੇਦ-ਨਗੋ, ਕੀ ਇਹ ਸੱਚ ਹੈ ਕਿ ਤੁਸੀਂ ਮੇਰੇ ਦੇਵਤਾ ਦੀ ਸੇਵਾ ਨਹੀਂ ਕਰਦੇ ਹੋ ਅਤੇ ਨਾ ਉਸ ਸੋਨੇ ਦੀ ਮੂਰਤ ਨੂੰ ਜਿਹ ਨੂੰ ਮੈਂ ਖੜਾ ਕੀਤਾ ਮੱਥਾ ਟੇਕਦੇ ਹੋ ?

15ਹੁਣ ਜੇ ਤੁਸੀਂ ਤਿਆਰ ਹੋ ਕਿ ਜਿਸ ਵੇਲੇ ਤੁਸੀਂ ਤੁਰੀ, ਬਾਂਸਰੀ, ਬੀਨਾ, ਸਰੰਗੀ, ਬਰਬਤ, ਬੀਨ ਅਤੇ ਹਰ ਪ੍ਰਕਾਰ ਦੇ ਵਾਜਿਆਂ ਦੀ ਆਵਾਜ਼ ਸੁਣੋ ਤਾਂ ਤੁਸੀਂ ਝੁੱਕ ਕੇ ਮੂਰਤ ਨੂੰ ਜਿਸ ਨੂੰ ਮੈਂ ਖੜਾ ਕੀਤਾ ਹੈ ਮੱਥਾ ਟੇਕੋ ਤਾਂ ਚੰਗਾ, ਪਰ ਜੇਕਰ ਤੁਸੀਂ ਮੱਥਾ ਨਾ ਟੇਕੋ ਤਾਂ ਉਸੀ ਘੜੀ ਤੁਸੀਂ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟੇ ਜਾਓਗੇ ਅਤੇ ਉਹ ਦੇਵਤਾ ਕਿਹੜਾ ਹੈ ਜਿਹੜਾ ਤੁਹਾਨੂੰ ਮੇਰੇ ਹੱਥੋਂ ਛੁਡਾ ਲਵੇ ?

16ਤਦ ਸ਼ਦਰਕ, ਮੇਸ਼ਕ, ਅਤੇ ਅਬੇਦ-ਨਗੋ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ, ਹੇ ਨਬੂਕਦਨੱਸਰ, ਅਸੀਂ ਇਸ ਗੱਲ ਵਿੱਚ ਤੁਹਾਨੂੰ ਉੱਤਰ ਦੇਣਾ ਜਰੂਰੀ ਨਹੀਂ ਸਮਝਦੇ ਹਾਂ । 17ਸਾਡਾ ਪਰਮੇਸ਼ੁਰ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਸਾਨੂੰ ਅੱਗ ਦੀ ਬਲਦੀ ਹੋਈ ਭੱਠੀ ਤੋਂ ਛੁਡਾਉਣ ਦੀ ਸ਼ਕਤੀ ਰੱਖਦਾ ਹੈ ਅਤੇ ਹੇ ਰਾਜਾ, ਓਹੀ ਸਾਨੂੰ ਤੁਹਾਡੇ ਹੱਥੋਂ ਛਡਾਵੇਗਾ, 18ਨਹੀਂ ਤਾਂ ਹੇ ਰਾਜਾ, ਤੁਹਾਨੂੰ ਪਤਾ ਹੋਵੇ ਕਿ ਅਸੀਂ ਤੁਹਾਡੇ ਦੇਵਤਿਆਂ ਦੀ ਸੇਵਾ ਨਹੀਂ ਕਰਾਂਗੇ ਅਤੇ ਨਾ ਉਸ ਸੋਨੇ ਦੀ ਮੂਰਤ ਅੱਗੇ ਜਿਸ ਨੂੰ ਤੁਸੀਂ ਖੜ੍ਹਾ ਕੀਤਾ ਹੈ, ਮੱਥਾ ਟੇਕਾਂਗੇ ।

19ਤਦ ਨਬੂਕਦਨੱਸਰ ਆਪਣੇ ਆਪ ਵਿੱਚ ਕ੍ਰੋਧ ਨਾਲ ਭਰ ਗਿਆ ਅਤੇ ਉਹ ਦੇ ਮੂੰਹ ਦਾ ਰੰਗ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਉੱਤੇ ਬਦਲ ਗਿਆ । ਉਹ ਨੇ ਹੁਕਮ ਦਿੱਤਾ ਕਿ ਭੱਠੀ ਨੂੰ ਦਸਤੂਰ ਨਾਲੋਂ ਸੱਤ ਗੁਣਾ ਹੋਰ ਗਰਮਾ ਦਿਓ । 20ਫਿਰ ਉਸ ਨੇ ਆਪਣੀ ਫ਼ੌਜ ਵਿੱਚੋਂ ਤਕੜੇ ਪਹਿਲਵਾਨਾਂ ਨੂੰ ਹੁਕਮ ਕੀਤਾ ਕਿ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਨੂੰ ਬੰਨ੍ਹ ਕੇ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟ ਦੇਣ ।

21ਤਦ ਉਹ ਆਦਮੀ ਆਪਣੇ, ਘਟੁਨਿਆਂ, ਪੱਗਾਂ ਤੇ ਲੀੜਿਆਂ ਸਣੇ ਬੰਨ੍ਹੇ ਗਏ ਅਤੇ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟੇ ਗਏ । 22ਕਿਉਂ ਜੋ ਰਾਜੇ ਦਾ ਹੁਕਮ ਸੀ ਇਸ ਕਾਰਨ ਭੱਠੀ ਦਾ ਤਾਇਆ ਜਾਣਾ ਅੱਤ ਵਧੀਕ ਸੀ, ਇਸੇ ਕਾਰਨ ਅੱਗ ਦੀ ਲੋ ਨੇ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਦੇ ਚੁੱਕਣ ਵਾਲਿਆਂ ਨੂੰ ਸਾੜ ਸੁੱਟਿਆ । 23ਇਹ ਤਿੰਨੇ ਮਨੁੱਖ ਅਰਥਾਤ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਬੱਧੇ ਹੋਏ ਅੱਗ ਦੀ ਬਲਦੀ ਭੱਠੀ ਵਿੱਚ ਸੁੱਟੇ ਗਏ ।

24ਤਦ ਨਬੂਕਦਨੱਸਰ ਰਾਜਾ ਹੱਕਾ-ਬੱਕਾ ਹੋ ਕੇ ਝੱਟ ਖੜ੍ਹਾ ਹੋਇਆ । ਉਹ ਆਪਣੇ ਸਲਾਹਕਾਰਾਂ ਨੂੰ ਆਖਣ ਲੱਗਾ, ਕੀ ਅਸੀਂ ਤਿੰਨ ਮਨੁੱਖਾਂ ਨੂੰ ਬੰਨ੍ਹ ਕੇ ਅੱਗ ਵਿੱਚ ਨਹੀਂ ਸੁੱਟਵਾਇਆ ? ਉਹਨਾਂ ਨੇ ਉੱਤਰ ਦਿੱਤਾ ਕਿ ਹਾਂ ਰਾਜਾ, ਇਹ ਸੱਚ ਹੈ । 25ਫਿਰ ਉਸ ਨੇ ਉੱਤਰ ਦੇ ਕੇ ਆਖਿਆ ਭਈ ਵੇਖੋ, ਮੈਂ ਚਾਰ ਮਨੁੱਖ ਅੱਗ ਵਿੱਚ ਖੁੱਲ੍ਹੇ ਫਿਰਦੇ ਵੇਖਦਾ ਹਾਂ ਅਤੇ ਉਹਨਾਂ ਨੂੰ ਕੁਝ ਦੁੱਖ ਨਹੀਂ ਹੈ ਅਤੇ ਚੌਥੇ ਦਾ ਸਰੂਪ ਪਰਮੇਸ਼ੁਰ ਦੇ ਪੁੱਤਰ ਜਿਹਾ ਹੈ !

26ਫਿਰ ਨਬੂਕਦਨੱਸਰ ਅੱਗ ਦੀ ਬਲਦੀ ਹੋਈ ਭੱਠੀ ਦੇ ਬੂਹੇ ਦੇ ਨੇੜੇ ਆਇਆ । ਉਹ ਬੋਲਿਆ, ਹੇ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਅੱਤ ਮਹਾਨ ਪਰਮੇਸ਼ੁਰ ਦੇ ਬੰਦਿਓ, ਬਾਹਰ ਨਿੱਕਲ ਕੇ ਐਧਰ ਆਓ ! ਤਦ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਅੱਗ ਵਿੱਚੋਂ ਨਿੱਕਲ ਆਏ । 27ਸ਼ਜਾਦਿਆਂ, ਦੀਵਾਨਾਂ, ਸਰਦਾਰਾਂ ਤੇ ਰਾਜੇ ਦੇ ਸਲਾਹਕਾਰਾਂ ਨੇ ਇਕੱਠੇ ਹੋ ਕੇ ਉਹਨਾਂ ਮਨੁੱਖਾਂ ਨੂੰ ਡਿੱਠਾ ਕਿ ਅੱਗ ਦਾ ਉਹਨਾਂ ਦੇ ਸਰੀਰਾਂ ਉੱਤੇ ਕੁਝ ਵੱਸ ਨਹੀਂ ਸੀ ਚੱਲਿਆ, ਨਾ ਉਹਨਾਂ ਦੇ ਸਿਰ ਦੇ ਵਾਲ ਝੁਲਸੇ, ਨਾ ਉਹਨਾਂ ਦੇ ਝੱਗਿਆਂ ਵਿੱਚ ਕੁਝ ਫ਼ਰਕ ਪਿਆ ਅਤੇ ਨਾ ਉਹਨਾਂ ਤੋਂ ਅੱਗ ਦੇ ਜਲਣ ਦੀ ਬੋ ਆਉਂਦੀ ਸੀ ।

28ਨਬੂਕਦਨੱਸਰ ਨੇ ਪੁਕਾਰ ਕੇ ਆਖਿਆ ਕਿ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਦਾ ਪਰਮੇਸ਼ੁਰ ਮੁਬਾਰਕ ਹੋਵੇ ਜਿਸ ਆਪਣੇ ਬੰਦਿਆਂ ਨੂੰ ਛੁਡਾ ਲਿਆ ਜਿਹਨਾਂ ਨੇ ਉਹ ਦੇ ਉੱਤੇ ਨਿਹਚਾ ਕੀਤੀ ਅਤੇ ਰਾਜੇ ਦੇ ਹੁਕਮ ਨੂੰ ਟਾਲ ਦਿੱਤਾ ਅਤੇ ਆਪਣੇ ਸਰੀਰਾਂ ਨੂੰ ਭੇਂਟ ਕੀਤਾ ਕਿ ਆਪਣੇ ਪਰਮੇਸ਼ੁਰ ਦੇ ਬਿਨ੍ਹਾਂ ਹੋਰ ਕਿਸੇ ਦੇਵਤੇ ਦੀ ਸੇਵਾ ਜਾਂ ਬੰਦਗੀ ਨਾ ਕਰਨ ।

29ਇਸ ਲਈ ਮੈਂ ਇਹ ਹੁਕਮ ਜਾਰੀ ਕਰਦਾ ਹਾਂ ਕਿ ਜੋ ਲੋਕ ਜਾਂ ਕੌਮਾਂ ਜਾਂ ਭਾਖਿਆਂ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਦੇ ਪਰਮੇਸ਼ੁਰ ਦੇ ਵਿਰੁੱਧ ਕੋਈ ਬੁਰੀ ਗੱਲ ਆਖਣਗੀਆਂ ਤਾਂ ਉਹਨਾਂ ਦੇ ਟੁਕੜੇ ਟੁਕੜੇ ਕੀਤੇ ਜਾਣਗੇ ਅਤੇ ਉਹਨਾਂ ਦੇ ਘਰ ਕੂੜੇ ਦੇ ਢੇਰ ਹੋ ਜਾਣਗੇ, ਕਿਉਂ ਜੋ ਹੋਰ ਕੋਈ ਦੇਵਤਾ ਨਹੀਂ ਜਿਹੜਾ ਇਸ ਪਰਕਾਰ ਬਚਾ ਸਕੇ ! ਤਦ ਰਾਜੇ ਨੇ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਨੂੰ ਬਾਬਲ ਦੇ ਸੂਬੇ ਵਿੱਚ ਉੱਚਾ ਕੀਤਾ ।

30

Copyright information for PanULB